ਚੰਡੀਗੜ੍ਹ – ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ ਪੈ ਗਿਆ! ਨਹੀਂ ਰਹੇ ਮਸ਼ਹੂਰ ਅਦਾਕਾਰ ਤੇ ਕਮੇਡੀਅਨ ਜਸਵਿੰਦਰ ਭੱਲਾ। ਮਸ਼ਹੂਰ ਕਮੇਡੀਅਨ ਅਤੇ ਪੰਜਾਬੀ ਸਿਨੇਮਾ ਦੇ ਦਿੱਗਜ਼ ਅਦਾਕਾਰ ਜਸਵਿੰਦਰ ਭੱਲਾ ਦਾ ਅੱਜ ਸਵੇਰੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ। 65 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਅਖੀਰਲਾ ਸਾਂਹ ਲਿਆ। ਜਸਵਿੰਦਰ ਭੱਲਾ ਨੇ ਆਪਣੀ ਵਿਲੱਖਣ ਹਾਸਿਆਂ ਭਰੀ ਸ਼ੈਲੀ ਅਤੇ ਯਾਦਗਾਰ ਕਿਰਦਾਰਾਂ ਨਾਲ ਪੰਜਾਬੀ ਮਨੋਰੰਜਨ ਜਗਤ ਵਿੱਚ ਅਮਿੱਟ ਛਾਪ ਛੱਡੀ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ,ਜਸਵਿੰਦਰ ਭੱਲਾ ਪੰਜਾਬੀ ਸਿਨੇਮਾ ਦੇ ਉਹਨਾਂ ਸਿਤਾਰਿਆਂ ਵਿੱਚੋਂ ਸਨ ਜਿਨ੍ਹਾਂ ਨੇ ਪੰਜਾਬੀ ਕਮੇਡੀ ਨੂੰ ਨਵੀਂ ਉਚਾਈ ਉੱਤੇ ਪਹੁੰਚਾਉਣ ‘ਚ ਯੋਗਦਾਨ ਪਾਇਆ।

ਉਨ੍ਹਾਂ ਦੀ ਕੌਮਿਕ ਟਾਈਮਿੰਗ, ਸਾਦਗੀ ਅਤੇ ਵਿਅੰਗ ਭਰੇ ਸੰਵਾਦ ਹਰ ਵਰਗ ਦੇ ਦਰਸ਼ਕਾਂ ਨੂੰ ਹਸਾਉਂਦੇ ਸਨ। ਉਨ੍ਹਾਂ ਦਾ ਹਰ ਕਿਰਦਾਰ ਦਰਸ਼ਕਾਂ ਦੇ ਚਿਹਰੇ ‘ਤੇ ਮੁਸਕਾਨ ਛੱਡ ਜਾਂਦਾ ਸੀ। ਉਨ੍ਹਾਂ ਨੇ ‘ਗੱਡੀ ਜਾਂਦੀ ਐ ਛਲਾਂਗਾ ਮਾਰਦੀ’, ‘ਕੈਰੀ ਆਨ ਜੱਟ’, ‘ਜਿੰਦ ਜਾਨ’, ‘ਬੈਂਡ ਬਾਜੇ’, ‘ਡੈਡੀ ਕੂਲ ਮੁੰਡੇ ਫ਼ੂਲ’ ਵਰਗੀਆਂ ਕਈ ਫਿਲਮਾਂ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਕਮੇਡੀ ਨਾਲ ਲੋਕਾਂ ਦਾ ਦਿਲ ਜਿੱਤਿਆ।ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੋਰਾਹਾ ਵਿੱਚ ਹੋਇਆ ਸੀ। ਉਹ ਪ੍ਰੋਫੈਸਰ ਵੀ ਰਹਿ ਚੁੱਕੇ ਸਨ। ਉਨ੍ਹਾਂ ਨੇ 1988 ਵਿੱਚ ‘ਛਣਕਟਾ 88’ ਨਾਲ ਕਮੇਡੀਅਨ ਵਜੋਂ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਫਿਲਮ ‘ਦੁੱਲਾ ਭੱਟੀ’ ਨਾਲ ਅਦਾਕਾਰ ਬਣੇ। ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਨੇ ਅਨੇਕਾਂ ਹੀ ਪੰਜਾਬੀ ਫ਼ਿਲਮਾਂ ਦੇ ਵਿੱਚ ਕਮਾਲ ਦਾ ਕੰਮ ਕੀਤਾ। ਜਿਸ ਫ਼ਿਲਮ ‘ਚ ਜਸਵਿੰਦਰ ਭੱਲਾ ਹੁੰਦੇ ਸਨ ਤਾਂ ਉਹ ਆਪਣੀ ਅਦਾਕਾਰੀ ਦੇ ਨਾਲ ਚਾਰ ਚੰਨ ਅਤੇ ਕਮੇਡੀ ਦੇ ਨਾਲ ਵਾਹ-ਵਾਹੀ ਖੱਟ ਲੈਂਦੇ ਸੀ। ਜਿਸ ਕਰਕੇ ਉਹ ਹਰ ਦੂਜੀ ਫ਼ਿਲਮ ਦੇ ਵਿੱਚ ਨਜ਼ਰ ਆਉਂਦੇ ਸਨ। ਉਨ੍ਹਾਂ ਦੇ ਬਿਨਾਂ ਪੰਜਾਬੀ ਫ਼ਿਲਮ ਅਧੂਰੀ ਲੱਗਦੀ ਸੀ।