ਨਵੀ ਦਿੱਲੀ -ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਲਈ ਅਮਰੀਕਾ ਦੇ ਨਾਮਜ਼ਦ ਉਮੀਦਵਾਰ ਅਜੈ ਬੰਗਾ ਦਿੱਲੀ ’ਚ ਕਰੋਨਾ ਪਾਜ਼ੇਟਿਵ ਹੋ ਗਏ ਹਨ। ਬੰਗਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਆਪਣੇ ਦੌਰੇ ਦੇ ਆਖਰੀ ਪੜਾਅ ’ਤੇ ਦਿੱਲੀ ’ਚ ਹਨ। ਪਾਜ਼ੇਟਿਵ ਨਿਕਲਣ ਤੋਂ ਬਾਅਦ ਉਹ ਇਕਾਂਤਵਾਸ ਹਨ। ਹਾਸਲ ਜਾਣਕਾਰੀ ਮੁਤਾਬਕ ਆਪਣੀ ਭਾਰਤ ਫੇਰੀ ਦੌਰਾਨ 63 ਸਾਲਾ ਬੰਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਮੁਲਾਕਾਤ ਕਰਨ ਵਾਲੇ ਸਨ ਪਰ ਅੱਜ ਉਨ੍ਹਾਂ ਦੀ ਵਿੱਤ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ।

ਬੰਗਾ 23 ਅਤੇ 24 ਮਾਰਚ ਨੂੰ ਆਪਣੀ ਯਾਤਰਾ ਦੇ ਆਖਰੀ ਪੜਾਅ ‘ਤੇ ਸਨ। ਉਸਨੇ ਆਪਣੇ ਵਿਸ਼ਵ ਦੌਰੇ ਦੀ ਸ਼ੁਰੂਆਤ ਅਫਰੀਕਾ ਤੋਂ ਕੀਤੀ ਸੀ। ਇਸ ਤੋਂ ਬਾਅਦ ਉਹ ਯੂਰਪ ਦੇ ਰਸਤੇ ਲੈਟਿਨ ਅਮਰੀਕਾ ਦੇ ਰਸਤੇ ਏਸ਼ੀਆ ਦੀ ਯਾਤਰਾ ‘ਤੇ ਆਇਆ। ਧਿਆਨ ਯੋਗ ਹੈ ਕਿ ਅਜੈ ਬੰਗਾ ਦੀ ਉਮੀਦਵਾਰੀ ਤੋਂ ਤੁਰੰਤ ਬਾਅਦ ਭਾਰਤ ਨੇ ਉਨ੍ਹਾਂ ਦਾ ਸਮਰਥਨ ਕੀਤਾ ਸੀ। ਅਮਰੀਕੀ ਖਜ਼ਾਨਾ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੰਗਾ ਦੇ ਰੂਟੀਨ ਚੈਕਅਪ ਦੌਰਾਨ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਕੋਰੋਨਾ ਗਾਈਡਲਾਈਨ ਮੁਤਾਬਕ ਉਸ ਨੂੰ ਕੁਆਰੰਟੀਨ ਵਿੱਚ ਰੱਖਿਆ ਗਿਆ ਹੈ। ਇਸ ਟੂਰ ਵਿੱਚ ਬੰਗਾ ਨੇ ਕਈ ਕਾਰੋਬਾਰੀਆਂ, ਮਾਹਿਰਾਂ, ਅਧਿਕਾਰੀਆਂ, ਨੋਬਲ ਪੁਰਸਕਾਰ ਜੇਤੂਆਂ ਨਾਲ ਮੁਲਾਕਾਤ ਕੀਤੀ।